Punjab News 

ਬਾਦਲ ਪਰਿਵਾਰ ਦੀ ਸਹਿਮਤੀ ਬਿਨਾਂ

ਨਹੀਂ ਮਿਲ ਸਕਦੀ ਟਿਕਟ: ਸਿੱਧੂ


ਅੰਮ੍ਰਿਤਸਰ, 22 ਫਰਵਰੀ - ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਸ਼ਾਇਦ ਇਸ ਵਾਰ ਉਨ੍ਹਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਵਜੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਦਿੱਤੀ ਜਾਵੇ ਕਿਉਂਕਿ ਬਾਦਲ ਪਰਿਵਾਰ ਇਸ ਲਈ ਸਹਿਮਤ ਨਹੀਂ ਹੈ। ਇਹ ਖ਼ੁਲਾਸਾ ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮੁੰਬਈ ਤੋਂ ਪਰਤੇ ਸ੍ਰੀ ਸਿੱਧੂ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਆਖਿਆ ਕਿ ਉਹ ਇਸ ਸੱਚਾਈ ਤੋਂ ਭਲੀਭਾਂਤ ਜਾਣੂੰ ਹਨ ਕਿ ਪੰਜਾਬ ਵਿੱਚ ਬਾਦਲ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੂੰ ਮੈਦਾਨ ਵਿੱਚ ਨਹੀਂ ਉਤਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵੇਂ ਇਹ ਚਾਹੁੰਦੇ ਹਨ ਕਿ,‘‘ ਮੈਂ ਚੋਣ ਨਾ ਲੜਾਂ ਤਾਂ ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ।’’ ਉਨ੍ਹਾਂ ਆਖਿਆ ਕਿ ਭਾਜਪਾ ਵੱਲੋਂ ਇਸ ਹਲਕੇ ਤੋਂ ਜਿਸਨੂੰ ਵੀ ਆਪਣਾ ਉਮੀਦਵਾਰ ਬਣਾਇਆ ਜਾਵੇਗਾ, ਉਹ ਤਨਦੇਹੀ ਨਾਲ ਉਸਦਾ ਸਮਰਥਨ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਹ ਲੋਕ ਸਭਾ ਮੈਂਬਰ ਨਹੀਂ ਰਹਿਣਗੇ ਤਾਂ ਵੀ ਉਹ ਭਾਜਪਾ ਨਾਲ ਬਤੌਰ ਵਰਕਰ ਜੁੜੇ ਰਹਿਣਗੇ। ਉਨ੍ਹਾਂ ਖੁਲਾਸਾ ਕੀਤਾ ਕਿ ਪਰਸੋਂ ਦਿੱਲੀ ਵਿੱਚ ਭਾਜਪਾ ਹਾਈਕਮਾਂਡ ਦੀ ਮੀਟਿੰਗ ਹੈ ਅਤੇ ਉਨ੍ਹਾਂ ਨੂੰ ਉਥੇ ਸੱਦਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਜੇਕਰ ਕਦੇ ਵੀ ਉਹ ਚੋਣ ਲੜਣਗੇ ਤਾਂ ਸਿਰਫ਼ ਅੰਮ੍ਰਿਤਸਰ ਤੋਂ ਹੀ ਚੋਣ ਲੜਣਗੇ ਕਿਉਂਕਿ ਗੁਰੂ ਨਗਰੀ ਦੇ ਵਾਸੀਆਂ ਨੇ ਤਿੰਨ ਵਾਰ ਉਨ੍ਹਾਂ ’ਤੇ ਭਰੋਸਾ ਕੀਤਾ ਹੈ ਅਤੇ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਭਾਜਪਾ ਕੋਲੋਂ ਟਿਕਟ ਨਹੀਂ ਮੰਗੀ ਸੀ ਅਤੇ ਹੁਣ ਵੀ ਨਹੀਂ ਮੰਗਣਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਹਿਲੀ ਵਾਰ 2004 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਹਿਣ ’ਤੇ ਹੀ ਉਨ੍ਹਾਂ ਨੇ ਚੋਣ ਲੜੀ ਸੀ। 2007 ਵਿੱਚ ਦੁਬਾਰਾ ਸ੍ਰੀ ਬਾਦਲ ਦੇ ਕਹਿਣ ’ਤੇ ਚੋਣ ਲੜੀ ਸੀ ਅਤੇ 2009 ਵਿੱਚ ਜਦੋਂ ਕੋਈ ਵੀ ਚੋਣ ਲੜਣ ਨੂੰ ਤਿਆਰ ਨਹੀਂ ਸੀ ਤਾਂ ਔਖੇ ਸਮੇਂ ਵਿੱਚ ਵੀ ਚੋਣ ਲੜੀ ਹੈ। ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਆਖਿਆ ਕਿ ਕੁਝ ਲੋਕ ਚਾਹੁੰਦੇ ਹਨ ਕਿ ਹੁਣ ਉਹ ਇੱਥੋਂ ਚਲੇ ਜਾਣ ਪਰ ਅਜਿਹਾ ਨਹੀਂ ਹੋਵੇਗਾ।  ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ਖ਼ਤਮ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਹਮੇਸ਼ਾਂ ਭਾਜਪਾ ਨਾਲ ਜੁੜੇ ਰਹਿਣਗੇ। 23 ਫਰਵਰੀ ਨੂੰ ਜਗਰਾਉਂ ਵਿੱਚ ਹੋ ਰਹੀ ਫਤਹਿ ਰੈਲੀ ਵਿੱਚ ਸ਼ਮੂਲੀਅਤ ਬਾਰੇ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸੱਦਾ ਪੱਤਰ ਨਹੀਂ ਮਿਲਿਆ ਹੈ ਅਤੇ ਬਿਨਾਂ ਸੱਦੇ ਦੇ ਉਹ ਸਿਰਫ਼ ਗੁਰੂ ਘਰ ਵਿਖੇ ਹੀ ਜਾਂਦੇ ਹਨ। ਉਹ ਬਿਨਾਂ ਸੱਦਾ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ।ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਆਖਿਆ ਕਿ ਉਹ ਸਿਰਫ਼ ਉਸ ਵੇਲੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਚਹੇਤਾ ਸਨ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤੀ ਲਈ ਉਨ੍ਹਾਂ ਦੀ ਲੋੜ ਸੀ। ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ’ਤੇ ਆਈਆਂ ਹਨ ਤਾਂ ਉਹ ਚਹੇਤਾ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਉਹ ਆਪਣੀ ਅਸੂਲਾਂ ਦੀ ਰਾਜਨੀਤੀ ਨੂੰ ਜਾਰੀ ਰੱਖਣਗੇ। ਸ੍ਰੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਬਾਦਲ ਪਰਿਵਾਰ ਜਾਂ ਕਿਸੇ ਹੋਰ ਨਾਲ ਕੋਈ ਵਿਰੋਧ ਨਹੀਂ ਹੈ, ਉਹ ਸਿਰਫ਼ ਅੰਮ੍ਰਿਤਸਰ ਵਾਸੀਆਂ ਦੇ ਹੱਕਾਂ ਲਈ ਲੜੇ ਹਨ।

ਅੰਮ੍ਰਿਤਸਰ ’ਚ ਕਿਸਾਨਾਂ ’ਤੇ

ਲਾਠੀਚਾਰਜ, ਹੰਝੂ ਗੈਸ


ਅੰਮ੍ਰਿਤਸਰ, 22 ਫਰਵਰੀ - ਬਿਜਲੀ ਦਰਾਂ ਘੱਟ ਕਰਨ ਅਤੇ ਬਿਜਲੀ ਮਹਿਕਮੇ ਨਾਲ ਸਬੰਧਤ ਹੋਰਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਬੰਦੀ ਬਣਾਏ ਗਏ ਪਾਵਰਕੌਮ ਦੇ ਇਕ ਅਧਿਕਾਰੀ ਤੇ ਕੁਝ ਕਰਮਚਾਰੀਆਂ ਨੂੰ ਪੁਲੀਸ ਨੇ ਅੱਜ ਦੇਰ ਸ਼ਾਮ ਸਖ਼ਤ ਕਾਰਵਾਈ ਕਰਦਿਆਂ ਰਿਹਾਅ ਕਰਵਾ ਲਿਆ। ਇਸ ਦੌਰਾਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਹਵਾ ਵਿਚ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਖਦੇੜ ਦਿੱਤਾ। ਇਸ ਕਾਰਵਾਈ ਵਿਚ ਕਈ ਕਿਸਾਨ ਜ਼ਖ਼ਮੀ ਹੋਏ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਸਪਤਾਲ ਸੂਤਰਾਂ ਅਨੁਸਾਰ ਇਕ ਜ਼ਖਮੀ ਕਿਸਾਨ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਕਿਸਾਨਾਂ ਵਲੋਂ ਵੀ ਜਵਾਬ ਵਿੱਚ ਪੁਲੀਸ ’ਤੇ ਪਥਰਾਅ ਕੀਤਾ ਗਿਆ,ਜਿਸ ਵਿਚ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਮ੍ਰਿਤਕ ਕਿਸਾਨ ਦੀ ਸ਼ਨਾਖਤ ਨਹੀਂ ਹੋ ਸਕੀ ਜਦੋਂ ਕਿ ਜ਼ਖ਼ਮੀ ਔਰਤ ਦਾ ਨਾਂ ਸਵਰਨ ਕੌਰ ਦੱਸਿਆ ਗਿਆ ਹੈ।
ਕਿਸਾਨ ਸੰਘਰਸ਼ ਕਮੇਟੀ ਵਲੋਂ ਪਾਵਰਕੌਮ ਦੇ ਬਾਰਡਰ ਰੇਂਜ ਦੇ ਮੁੱਖ ਇੰਜਨੀਅਰ ਦੇ ਦਫ਼ਤਰ ਦੇ ਕੀਤੇ ਗਏ ਘਿਰਾਓ ਦੌਰਾਨ ਅੱਜ ਦੂਜੇ ਦਿਨ ਕਿਸਾਨਾਂ ਨੇ ਪਾਵਰਕੌਮ ਵਿਭਾਗ ਦੇ ਇਕ ਅਧਿਕਾਰੀ ਅਤੇ ਅਮਲੇ ਦੇ ਕੁਝ ਮੈਂਬਰਾਂ ਨੂੰ ਛੁੱਟੀ ਸਮੇਂ ਦਫ਼ਤਰ ਤੋਂ ਬਾਹਰ ਆਉਣ ਤੋਂ ਰੋਕ ਦਿੱਤਾ ਸੀ ਅਤੇ ਇਨ੍ਹਾਂ ਨੂੰ ਦਫ਼ਤਰ ਦੇ ਅੰਦਰ ਹੀ ਬੰਦ ਕਰ ਦਿੱਤਾ। ਕਿਸਾਨ ਮੰਗ ਕਰ ਰਹੇ ਸੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਇਹ ਧਰਨਾ ਜਾਰੀ ਰਹੇਗਾ। ਇਸ ਦੌਰਾਨ ਪ੍ਰਸ਼ਾਸਨ ਵਲੋਂ ਇਕ ਐਸ.ਡੀ.ਐਮ. ਨੂੰ ਭੇਜ ਕੇ ਬੰਦੀ ਕਰਮਚਾਰੀਆਂ ਨੂੰ ਰਿਹਾਅ ਕਰਾਉਣ ਦਾ ਯਤਨ ਕੀਤਾ ਗਿਆ,ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ। ਰਾਤ ਕਰੀਬ 7.30 ਵਜੇ ਪੁਲੀਸ ਨੇ ਦੁਬਾਰਾ ਗੱਲਬਾਤ ਦਾ ਯਤਨ ਕੀਤਾ ਪਰ ਯਤਨ ਅਸਫਲ ਹੋਣ ਤੋਂ ਬਾਅਦ  ਪੁਲੀਸ ਨੇ ਧਰਨਾਕਾਰੀਆਂ ਨੂੰ ਖਦੇੜਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲੀਸ ਨੇ ਹਵਾ ਵਿਚ ਗੋਲੀ ਵੀ ਚਲਾਈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ।
ਇਸ ਘਟਨਾ ਦੌਰਾਨ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ ਪੁਲੀਸ ਕਮਿਸ਼ਨਰ ਜੇ.ਐਸ. ਔਲਖ ਨੇ ਦੱਸਿਆ ਕਿ ਇਸ  ਕਾਰਵਾਈ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਪਥਰਾਅ ਕਾਰਨ ਪੁਲੀਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ।
ਪਾਵਰਕੌਮ ਦੇ ਬੁਲਾਰੇ ਸੁੱਚਾ ਲਾਲ ਨੇ ਦੱਸਿਆ ਕਿ ਪੁਲੀਸ ਕਾਰਵਾਈ ਤੋਂ ਬਾਅਦ ਦਫ਼ਤਰ ਵਿਚ ਬੰਦ ਸਮੂਹ ਕਰਮਚਾਰੀ ਬਾਹਰ ਆ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਦਫ਼ਤਰ ਦੀ ਛੁੱਟੀ ਵੇਲੇ ਜਿਵੇਂ ਹੀ ਵਿਭਾਗ ਦੇ ਐਕਸੀਅਨ ਐਸ.ਐਨ. ਮਾਹੀ ਘਰ ਜਾਣ ਲਈ ਨਿਕਲੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬਾਹਰ ਨਹੀਂ ਜਾਣ ਦਿੱਤਾ। ਉਸ ਵੇਲੇ ਸ੍ਰੀ ਮਾਹੀ ਤੋਂ ਇਲਾਵਾ ਦਸ ਹੋਰ ਕਰਮਚਾਰੀ ਦਫ਼ਤਰ ਵਿਚ ਸਨ।
ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ.ਸਤਨਾਮ ਸਿੰਘ ਅਜਨਾਲਾ ਅਤੇ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਪੁਲੀਸ ਵਲੋਂ ਕਿਸਾਨਾਂ ’ਤੇ ਲਾਠੀ ਚਾਰਜ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਆਖਿਆ ਕਿ ਬਿਜਲੀ ਪ੍ਰਣਾਲੀ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਾਰਨ ਹੀ ਲੋਕਾਂ ਨੂੰ ਸੜਕਾਂ ’ਤੇ ਆਉਣਾ ਪਿਆ ਹੈ।

ਸ਼੍ਰੋਮਣੀ ਕਮੇਟੀ ਨੇ ਵਕੀਲਾਂ ਨੂੰ ਸਿਰਫ਼

ਸੱਤ ਲੱਖ ਰੁਪਏ ਦਿੱਤੇ: ਫੂਲਕਾ


ਲੁਧਿਆਣਾ, 22 ਫਰਵਰੀ - ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਉਪਰ ਪੈਸੇ ਲੈ ਕੇ ਕੇਸ ਲੜਨ ਦੇ ਲਾਏ ਦੋਸ਼ਾਂ ਦੇ ਖੰਡਨ ਤੋਂ ਬਾਅਦ ਅੱਜ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦੋਸ਼ਾਂ ਦਾ ਵੀ ਖੰਡਨ ਕਰ ਦਿੱਤਾ ਹੈ। ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਫੂਲਕਾ ਵੱਲੋਂ ਸੁਝਾਏ ਵਕੀਲਾਂ ਦੇ ਪੈਨਲ ਨੂੰ 42 ਲੱਖ ਰੁਪਏ ਅਦਾ ਕੀਤੇ ਹਨ। ਸ੍ਰੀ ਫੂਲਕਾ ਨੇ ਅੱਜ ਇਸ ਦੇ ਜੁਆਬ ਵਿੱਚ ਕਿਹਾ ਹੈ ਕਿ ਵਕੀਲਾਂ ਨੂੰ ਹਾਲੇ ਤੱਕ 7 ਲੱਖ ਰੁਪਏ ਹੀ ਦਿੱਤੇ ਗਏ ਹਨ।  ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ ’ਤੇ 5 ਵਕੀਲਾਂ ਨੂੰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਕੇਸਾਂ ਵਿੱਚ 42 ਲੱਖ ਰੁਪਏ ਦੇਣੇ ਤੈਅ ਕੀਤੇ ਸਨ। ਉਨ੍ਹਾਂ ਨੇ ਇਨ੍ਹਾਂ ਵਕੀਲਾਂ ਤੋਂ ਪਤਾ ਕੀਤਾ ਹੈ ਇਨ੍ਹਾਂ ਨੂੰ 7 ਲੱਖ ਰੁਪਏ ਹੀ ਦਿੱਤੇ ਗਏ ਹਨ।42 ਲੱਖ ਰੁਪਏ ਦੀ ਰਕਮ ਅਦਾ ਕਰਨ ਦਾ ਬਿਆਨ ਦੇ ਕੇ ਜਥੇਦਾਰ ਨੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਕੀਲਾਂ ਵਿੱਚ ਕਾਮਨਾ ਵੋਹਰਾ ਨੂੰ 20 ਕੇਸ ਲੜਨ ਲਈ 5 ਲੱਖ, ਗੁਰਬਖਸ਼ ਸਿੰਘ ਨੂੰ ਚਾਰ ਕੇਸਾਂ ਲਈ ਇਕ ਲੱਖ, ਜਗਜੀਤ ਸਿੰਘ ਨੂੰ ਪੰਜ ਕੇਸ ਲੜਨ ਲਈ ਇਕ ਲੱਖ ਦਿੱਤੇ ਹਨ, ਜਦਕਿ ਜਸਮੀਤ ਸਿੰਘ ਨੂੰ 5 ਕੇਸ ਲੜਨ ਬਦਲੇ ਹਾਲੇ ਤੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ। 42 ਲੱਖ ਦੀ ਅਦਾਇਗੀ ਦੱਸ ਕੇ ਇਨ੍ਹਾਂ ਵਕੀਲਾਂ ਦੀ ਤੌਹੀਨ ਕੀਤੀ ਹੈ। ਜਦਕਿ ਇੰਨੀ ਘੱਟ ਫੀਸ ’ਤੇ ਲੜਨ ਬਦਲੇ ਵਕੀਲਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਦੇਣ-ਲੈਣ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ।

ਬਲੈਰੋ ਦੀ ਸਕੂਲ ਬੱਸ ਨਾਲ

ਟੱਕਰ; 3 ਮੌਤਾਂ, 8 ਫੱਟੜ


ਸਮਾਣਾ, 22 ਫਰਵਰੀ - ਸਮਾਣਾ ਪਾਤੜਾਂ ਰੋਡ ’ਤੇ ਅੱਜ ਹਰਮਨ ਫੈਕਟਰੀ ਨੇੜੇ ਸੜਕ ਹਾਦਸੇ ਵਿਚ ਇੱਕ ਮਹਿਲਾ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ। 8 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਇਹ ਸਾਰੇ ਆਪਸ ਵਿਚ ਰਿਸ਼ਤੇਦਾਰ ਹਨ ਜੋ ਮਾਨਸਾ ਦੇ ਪਿੰਡ ਸੋਂਦੇਵਾਲ ਤੋਂ ਸਮਾਣਾ ਦੇ ਪਿੰਡ ਅਚਰਾਲ ਖੁਰਦ ਵਿਖੇ ਲੜਕੀ ਦਾ ਸ਼ਗਨ ਲੈ ਕੇ ਆਏ ਸਨ, ਸ਼ਨਿਚਰਵਾਰ ਨੂੰ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ।
ਲੜਕੀ ਦੇ ਮਾਸੜ ਸੁਰਿੰਦਰ ਸਿੰਘ ਅਨੁਸਾਰ ਪਿੰਡ ਸੋਂਦੇਵਾਲ (ਮਾਨਸਾ) ਤੋਂ ਲੜਕੀ ਦਾ ਸ਼ਗਨ ਲੈ ਕੇ ਕਰੀਬ 2 ਦਰਜਨ ਰਿਸ਼ਤੇਦਾਰ ਪਿੰਡ ਅਚਰਾਲਾਂ ਆਏ ਸਨ। ਸ਼ਗਨ ਤੋਂ ਬਾਅਦ ਜਦੋਂ ਉਹ ਸ਼ਾਮ ਸਮੇਂ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਬਲੈਰੋ ਐਚ ਆਰ 57-7976 ਦੀ ਹਰਮਨ ਫੈਕਟਰੀ ਨੇੜੇ ਬੁੱਢਾ ਦਲ ਸਕੂਲ ਦੀ ਖਾਲੀ ਬੱਸ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬਲੈਰੋ ਗੱਡੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਜਦੋਂਕਿ ਗੱਡੀ ਵਿਚ  ਸਵਾਰ 11 ਦੇ ਕਰੀਬ ਸਵਾਰੀਆਂ ਗੰਭੀਰ ਜਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਪਹਿਲਾਂ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਇੱਕ ਮਰੀਜ਼ ਨੂੰ ਛੱਡ ਕੇ ਸਾਰੇ ਗੰਭੀਰ ਜਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉੱਥੇ ਇੱਕ ਮਹਿਲਾ ਵੀਰਪਾਲ ਕੌਰ, ਜੋ ਲੜਕੀ ਦੇ ਪਿਤਾ ਦੀ ਭੂਆ ਵੀ ਹੈ ਅਤੇ ਦੋ ਵਿਅਕਤੀਆਂ ਜਿਨ੍ਹਾਂ ਵਿਚ ਟਹਿਲ ਸਿੰਘ ਅਤੇ ਦਰਸ਼ਨ ਸਿੰਘ (ਲੜਕੀ ਦੇ ਪਿਤਾ ਦੇ ਤਾਇਆ ਅਤੇ ਚਾਚਾ) ਦੀ ਮੌਤ ਹੋ ਗਈ। ਮਨਪ੍ਰੀਤ, ਬਲਜੀਤ, ਲਖਬੀਰ ਸਿੰਘ,ਬਲਵੀਰ  ਸਿੰਘ, ਪੰਜਾਬ ਸਿੰਘ, ਬਲਿਹਾਰ ਸਿੰਘ, ਭੁਪਿੰਦਰ ਸਿੰਘ, ਬਲਬੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਜਸਪ੍ਰੀਤ ਸਿੰਘ, ਜੋ  ਸਮਾਣਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਹੈ ਦੀ ਹਾਲਤ ਠੀਕ ਹੈ। ਪੁਲੀਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਬੱਸ ਚਾਲਕ ਫਰਾਰ ਹੈ।

ਭਾਜਪਾ ਆਗੂ ਦਾ ਕੁਟਾਪਾ, ਏ.ਐਸ.ਆਈ.

ਸਣੇ 3 ਮੁਲਾਜ਼ਮ ਮੁਅੱਤਲ


ਬਠਿੰਡਾ, 22 ਫਰਵਰੀ - ਇੱਥੋਂ ਦੀ ਪੁਲੀਸ ਨੇ ਅੱਜ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦੀ ਕੁੱਟਮਾਰ ਕਰਨ ਵਾਲੇ ਥਾਣੇਦਾਰ ਸਮੇਤ ਤਿੰਨ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅੱਜ ਜਦੋਂ ਪੁਲੀਸ ਨੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਲੱਕੀ ਦੀ ਭਰੇ ਇਕੱਠ ਵਿੱਚ ਖਿੱਚ-ਧੂਹ ਕੀਤੀ ਤਾਂ ਭਾਜਪਾ ਆਗੂਆਂ ਨੇ ਹੰਗਾਮਾ ਕਰ ਦਿੱਤਾ। ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਰਕੇ ਪੁਲੀਸ ਅਫਸਰਾਂ ਨੇ ਭਾਜਪਾ ਆਗੂਆਂ ਨੂੰ ਸ਼ਾਂਤ ਕਰਨ ਵਾਸਤੇ ਏ.ਐਸ.ਆਈ. ਗੁਰਮੇਲ ਸਿੰਘ (ਚੌਕੀ ਇੰਚਾਰਜ), ਹੌਲਦਾਰ ਗੁਰਵਿੰਦਰ ਸਿੰਘ ਅਤੇ ਸਿਪਾਹੀ ਅਕਸ਼ੈ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਡੀ.ਐਸ.ਪੀ. (ਸਿਟੀ) ਗੁਰਜੀਤ ਸਿੰਘ ਰੋਮਾਣਾ, ਜੋ ਮੌਕੇ ’ਤੇ ਪੁੱਜ ਗਏ ਸਨ, ਨੇ ਦੱਸਿਆ ਕਿ ਆਗੂਆਂ ਨੇ ਪੁਲੀਸ ਵੱਲੋਂ ਕੀਤੇ ਦੁਰਵਿਹਾਰ ਦੀ ਤਸਵੀਰ ਪੇਸ਼ ਕੀਤੀ ਸੀ, ਜਿਸ ਦੇ ਆਧਾਰ ’ਤੇ ਇਨ੍ਹਾਂ ਦੀ ਮੁਅੱਤਲੀ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਕਾਨੂੰਨ ਨੂੰ ਕੋਈ ਵੀ ਹੱਥ ਵਿਚ ਨਹੀਂ ਲੈ ਸਕਦਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗੋਇਲ ਵੀ ਮੌਕੇ ’ਤੇ ਪੁੱਜ ਗਏ ਜੋ ਉਦੋਂ ਤੱਕ ਵਾਪਸ ਨਾ ਮੁੜੇ ਜਦੋਂ ਤੱਕ ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਨਾ ਕੀਤੇ ਗਏ। ਲੋਕ ਦੱਸਦੇ ਹਨ ਕਿ ਭਾਜਪਾ ਆਗੂਆਂ ਨੇ ਚੌਕੀ ਇੰਚਾਰਜ ਦੀ ਭਰੇ ਇਕੱਠ ਵਿੱਚ ਕਥਿਤ ਬੇਇੱਜ਼ਤੀ ਕੀਤੀ।
ਬਠਿੰਡਾ ਦੇ ਬੱਸ ਅੱਡੇ ’ਤੇ ਭਾਜਪਾ ਦਾ ਮੰਡਲ ਪ੍ਰਧਾਨ ਗੌਰਵ ਕੁਮਾਰ ਆਪਣੇ ਮੋਟਰ ਸਾਈਕਲ ’ਤੇ ਆਪਣੇ ਰਿਸ਼ਤੇਦਾਰ ਨੂੰ ਲੈਣ ਵਾਸਤੇ ਆ ਰਿਹਾ ਸੀ। ਰੌਂਗ ਸਾਈਡ ਹੋਣ ਕਰਕੇ ਉਸ ਨੂੰ ਪੁਲੀਸ ਨੇ ਰੋਕ ਲਿਆ ਅਤੇ ਉਸ ਤੋਂ ਕਾਗ਼ਜ਼ ਮੰਗੇ। ਪੁਲੀਸ ਦਾ ਕਹਿਣਾ ਹੈ ਕਿ ਕਾਗ਼ਜ਼ ਦੇਣ ਦੀ ਥਾਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਚਲਾ ਗਿਆ।       ਉਸ ਦੀ ਹਮਾਇਤ ਵਿੱਚ ਭਾਜਪਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਵਿਕਰਮ ਲੱਕੀ ਅਤੇ ਜਨਰਲ ਸਕੱਤਰ ਮੁਨੀਸ਼ ਕਾਂਸਲ ਆ ਗਏ, ਜਿਨ੍ਹਾਂ ਨੇ ਪੁਲੀਸ ਚੌਕੀ ਬੱਸ ਅੱਡੇ ਦੇ ਇੰਚਾਰਜ ਗੁਰਮੇਲ ਸਿੰਘ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਮੌਕੇ ਹੀ ਬੱਸ ਅੱਡੇ ਦੇ ਅੱਗੇ ਆਸ਼ਾ ਵਰਕਰਾਂ ਦਾ ਧਰਨਾ ਲੱਗਾ ਹੋਇਆ ਸੀ, ਜਿਸ ਕਰਕੇ ਪੁਲੀਸ ਉਧਰ ਰੱੁਝੀ ਹੋਈ ਸੀ। ਇੱਕ ਦਫ਼ਾ ਤਾਂ ਆਗੂਆਂ ਨੂੰ ਟਾਲ ਦਿੱਤਾ ਗਿਆ।
ਜਦੋਂ ਮੁੜ ਇਹੋ ਆਗੂ ਚੌਕੀ ਇੰਚਾਰਜ ’ਤੇ ਰੋਹਬ ਪਾਉਣ ਲੱਗੇ ਤਾਂ ਮੁਲਾਜ਼ਮ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਘੜੀਸਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਧੂਹ ਕੇ ਪੁਲੀਸ ਚੌਕੀ ਲੈ ਗਏ। ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਆਗੂਆਂ ਨੂੰ ਬੰਦ ਕਰ ਦਿੱਤਾ। ਪੁਲੀਸ ਚੌਕੀ (ਬੱਸ ਅੱਡਾ) ਦੇ ਇੰਚਾਰਜ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਆਗੂ ਮੋਟਰਸਾਈਕਲ ’ਤੇ ਆਏ ਸਨ ਜਿਨ੍ਹਾਂ ਨੂੰ ਮੁਲਾਜ਼ਮ ਅਕਸ਼ੈ ਕੁਮਾਰ ਨੇ ਅੱਗੇ ਧਰਨਾ ਲੱਗਿਆ ਹੋਣ ਕਰਕੇ ਦੂਸਰੀ ਸਾਈਡ ਮੁੜਨ ਲਈ ਆਖਿਆ ਸੀ ਪ੍ਰੰਤੂ ਇਨ੍ਹਾਂ ਆਗੂਆਂ ਨੇ ਰੋਹਬ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਇਹ ਆਗੂ ਉਸ ਦੇ ਵੀ ਗਲ ਪੈ ਗਏ ਅਤੇ ਦੇਖਦਿਆਂ-ਦੇਖਦਿਆਂ ਉਥੇ ਖੜ੍ਹੀ ਭੀੜ ਨੇ ਇਨ੍ਹਾਂ ਆਗੂਆਂ ’ਤੇ ਹਮਲਾ ਕਰ ਦਿੱਤਾ ਪ੍ਰੰਤੂ ਪੁਲੀਸ ਮੁਲਾਜ਼ਮ ਇਨ੍ਹਾਂ ਨੂੰ ਭੀੜ ਤੋਂ ਬਚਾ ਕੇ ਚੌਕੀ ਲੈ ਆਏ ਪ੍ਰੰਤੂ ਹੁਣ ਇਹ ਆਗੂ ਆਖ ਰਹੇ ਹਨ ਕਿ ਪੁਲੀਸ ਨੇ ਧੱਕਾ ਕੀਤਾ ਹੈ, ਜਦੋਂ ਕਿ ਉਨ੍ਹਾਂ ਨੇ ਤਾਂ ਇਨ੍ਹਾਂ ਆਗੂਆਂ ਨੂੰ ਭੀੜ ਦੀ ਮਾਰ ਤੋਂ ਬਚਾਇਆ ਹੈ।
ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਲੱਕੀ ਦਾ ਫੋਨ ਬੰਦ ਆ ਰਿਹਾ ਸੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗੋਇਲ ਦਾ ਕਹਿਣਾ ਹੈ ਕਿ ਅੱਜ ਇੱਕ ਭਾਜਪਾ ਆਗੂ ਬੱਸ ਅੱਡੇ ’ਤੇ ਗਿਆ ਸੀ ਜਿਸ ਨੂੰ ਪੁਲੀਸ ਮੁਲਾਜ਼ਮਾਂ ਨੇ ਰੋਕ ਕੇ ਕਾਗ਼ਜ਼ ਮੰਗੇ। ਉਸ ਨੇ ਕਾਗ਼ਜ਼ ਦਿਖਾ ਦਿੱਤੇ ਅਤੇ ਫਿਰ ਵੀ ਉਸ ਦਾ ਵਾਹਨ ਬੰਦ ਕਰ ਦਿੱਤਾ। ਜਦੋਂ ਲੱਕੀ ਨੇ ਖੁਦ ਜਾ ਕੇ ਚੌਕੀ ਇੰਚਾਰਜ ਦੀ ਮਿੰਨਤ ਕੀਤੀ ਤਾਂ ਇੰਚਾਰਜ ਨੇ ਉਸ ਨੂੰ ਤੇ ਮੁਨੀਸ਼ ਕਾਂਸਲ ਨੂੰ ਫੜ ਕੇ ਘੜੀਸਣਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਪੁਲੀਸ ਨੇ ਜ਼ਿਆਦਤੀ ਕੀਤੀ ਹੈ ਜਿਸ ਕਰਕੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਾਈ ਗਈ ਹੈ।


<< Start < Prev 1 2 3 4 5 6 7 8 9 10 Next > End >>

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement